ਰਾਜਸਥਾਨ ਵਿੱਚ ਭੁੱਕੀ ਦੇ ਠੇਕੇ ਬੰਦ ਹੋਣ ਦਾ ਪੰਜਾਬ ਤੇ ਅਸਰ
1 ਅਪ੍ਰੈਲ, 2016 ਤੋਂ ਰਾਜਿਸਥਾਨ ਸਰਕਾਰ ਨੇ ਪੂਰੇ ਸੂਬੇ ਵਿੱਚ ਭੁੱਕੀ ਦੀ ਵਿੱਕਰੀ ਤੇ ਪਾਬੰਦੀ ਲਾਕੇ 19500 ਲਾਇਸੰਸ ਸੁਦਾ ਠੇਕੇ ਬੰਦ ਕਰ ਦਿਤੇ ਹਨ। ਇਨ੍ਹਾਂ ਠੇਕਿਆਂ ਤੋਂ ਸੂਬਾ ਸਰਕਾਰ ਨੂੰ ਅੰਦਾਜ਼ਨ 98 ਕਰੋੜ ਰੁਪਏ ਦੀ ਸਾਲਾਨਾ ਆਮਦਨੀ ਹੁੰਦੀ ਸੀ। ਠੇਕਿਆਂ ਤੇ ਭੁੱਕੀ 500 ਰੁਪਏ ਕਿੱਲੋ ਵਿਕਦੀ ਸੀ ਅਤੇ ਅਗਾਂਹ ਇਸ ਦਾ ਗ਼ੈਰਕਾਨੂੰਨੀ ਧੰਦਾ ਕਰਨ ਵਾਲੇ ਇਸ ਵਿੱਚ ਯੂਰੀਆ, ਮੂੰਗਫਲੀ ਦੇ ਛਿਲਕੇ, ਰੇਤਾ, ਬਜਰੀ, ਉਬਲੀ ਹੋਈ ਚਾਹ ਪੱਤੀ, ਮੁਰਗੀ ਦੀਆਂ ਬਿੱਠਾਂ, ਬੱਕਰੀ ਦੀਆਂ ਮੀਂਗਣਾ, ਅੱਕਾਂ ਦੇ ਸੁੱਕੇ ਪੀਸੇ ਹੋਏ ਪੱਤੇ, ਚੌਲਾਂ ਦਾ ਛਿਲਕਾ, ਲੋਮੋਟਿਲ ਦੀਆਂ ਗੋਲੀਆਂ, , ਚੌਲਾਂ ਦਾ ਛਿਲਕਾ ਅਤੇ ਸੁੱਕੇ ਕੱਦੂ ਨੂੰ ਪੀਸ ਕੇ ਰਲਾਉਣ ਉਪਰੰਤ ਰਾਜਿਸਥਾਨ ਤੋਂ ਲਿਆਂਦੀ ਭੁੱਕੀ ਦਾ ਵਜ਼ਨ ਦੁਗਣਾ-ਤਿਗੱਣਾ ਕਰਨ ਉਪਰੰਤ ਖਰੀਦੀ ਗਈ ਕੀਮਤ ਤੋਂ ਸੱਤ-ਅੱਠ ਗੁਣਾਂ ਰੇਟ ਤੇ ਇਹ ਗੰਦ-ਪਿੱਲ ਨਸ਼ੱਈਆਂ ਨੂੰ ਪਰੋਸ ਕੇ ਅੰਨ੍ਹੀ ਕਮਾਈ ਕਰਦੇ ਰਹੇ ਹਨ।
ਪੰਜਾਬ ਵਿੱਚ ਪੋਸਤ ਵਰਗ ਦੇ ਨਸ਼ਿਆਂ ਦੇ ਆਦੀ ਲੋਕਾਂ ਦੀ ਗਿਣਤੀ ਕੌਮਾਂਤਰੀ ਔਸਤ ਨਾਲੋਂ ਅੰਦਾਜ਼ਨ ਚਾਰ ਗੁਣਾਂ ਵੱਧ ਹੈ। ਭੁੱਕੀ ਦਾ ਨਸ਼ਾ ਕਰਨ ਵਾਲੇ ਅੰਦਾਜ਼ਨ 8.6 ਲੱਖ ਲੋਕਾਂ ਵਿੱਚੋ 2.3 ਲੱਖ ਨਸ਼ੱਈ ਇਸ ਤੇ ਪੂਰੀ ਤਰ੍ਹਾਂ ਨਿਰਭਰ ਹਨ। ਇਹ ਨਸ਼ਾ ਕਰਨ ਵਾਲਿਆਂ ਦਾ ਤਿੰਨ ਤਰ੍ਹਾਂ ਨਾਲ ਵਰਗੀਕਰਨ ਕੀਤਾ ਜਾ ਸਕਦਾ ਹੈ। ਪਹਿਲਾ ਵਰਗ ਤਾਂ ਉਹ ਹੈ ਜੋ ਭੁੱਕੀ ਦੀ ਵਰਤੋਂ ਲਈ ਆਪਣਾ ਘਰ-ਬਾਰ ਛੱਡ ਕੇ ਰਾਜਿਸਥਾਨ ਵਿੱਚ ਹੀ ਡੇਰੇ ਲਾਈਂ ਬੈਠੇ ਹਨ। ਖੇਤਾਂ ਵਿੱਚ ਮਜ਼ਦੂਰੀ ਕਰਕੇ ਜਾਂ ਹੋਰ ਦਿਹਾੜੀ-ਦੱਪਾ ਕਰਕੇ ਉਹ ਰੋਜ਼ ਦੀ ਕਮਾਈ ਭੁੱਕੀ ਦੇ ਲੇਖੇ ਲਾਉਂਦੇ ਹਨ। ਇਨ੍ਹਾਂ ਵਿੱਚੋ ਬਹੁਤ ਸਾਰਿਆਂ ਨੇ ਪੇਟ ਪੂਰਤੀ ਲਈ ਧਾਰਮਿਕ ਅਸਥਾਨਾਂ ਦੀ ਸ਼ਰਨ ਵੀ ਲਈ ਹੋਈ ਹੈ। ਬਿਨ੍ਹਾਂ ਸ਼ੱਕ ਇਸ ਵਰਗ ਦੇ ਨਸ਼ੱਈਆਂ ਦਾ ਭੁੱਕੀ ਨੇ ਮਿੱਝ ਕੱਢ ਦਿਤਾ ਹੈ। ਹੱਡੀਆਂ ਦਾ ਪਿੰਜਰ ਬਣੇ ਸਰੀਰ ਅਤੇ ਧੁਆਂਖੇ ਹੋਏ ਚਿਹਰਿਆਂ ਵਾਲੇ ਇਨ੍ਹਾਂ ਨਸ਼ੱਈਆਂ ਨੇ ਆਪਣੀ ਜਿੰਦਗੀ ਦਾ ਜ਼ਿਆਦਾ ਹਿੱਸਾ ਭੁੱਕੀ ਦਾ ਮੁਥਾਜ ਹੋਕੇ ਹੀ ਨਹੀਂ ਰੋਲਿਆ ਸਗੋਂ ਆਪਣੀ ਜ਼ਮੀਰ ਦਾਗੀ ਕਰਕੇ ਪਰਿਵਾਰਕ ਜਿੰਮੇਵਾਰੀਆਂ ਤੋਂ ਵੀ ਪਾਸਾ ਵੱਟਿਆ ਹੈ। ਦੂਜੀ ਤਰ੍ਹਾਂ ਦੇ ਨਸ਼ੱਈਆਂ ਵਿੱਚ ਉਹ ਲੋਕ ਸ਼ਾਮਲ ਹਨ ਜਿਹੜੇ ਵਧੀਆ ਅਤੇ ਸਸਤੀ ਭੁੱਕੀ ਦੇ ਲਾਲਚ ਵਿੱਚ ਪੰਜਾਬ ਦੀ ਹੱਦ ਤੇ ਲੱਗਦੇ ਰਾਜਿਸਥਾਨ ਦੇ ਠੇਕਿਆਂ ਤੋ 10-15 ਦਿਨਾਂ ਦੀ ਇੱਕਠੀ ਭੁੱਕੀ ਲਿਆਉਂਦੇ ਰਹੇ ਹਨ। ਪੰਜਾਬ ਦੇ ਮਾਲਵਾ ਇਲਾਕੇ ਨੇ ਤਾਂ ਭੁੱਕੀ ਦੀ ਰਾਜਧਾਨੀ ਵਜੋ ਆਪਣੀ ਪਹਿਚਾਣ ਬਣਾਈ ਹੋਈ ਹੈ। ਰਾਜਿਸਥਾਨ ਦੇ ਨੇੜਲੇ ਇਲਾਕੇ ਮੁਕਤਸਰ, ਫ਼ਾਜਿਲਕਾ, ਬਠਿੰਡਾ ਦੇ ਨਾਲ ਨਾਲ ਹੋਰ ਜ੍ਹਿਲ੍ਹਿਆਂ ਦੇ ਲੋਕ ਰਾਜਿਸਥਾਨ ਨੂੰ ਜਾਣ ਵਾਲੀਆਂ ਬੱਸਾਂ ਵਿੱਚ ਸਵਾਰ ਹੋਕੇ ‘ਮਾਲ’ ਲਿਆਉਂਦੇ ਰਹੇ ਹਨ। ਪੰਜਾਬ ਦੇ ਮੁਕ਼ਤਸਰ ਜ਼ਿਲ੍ਹੇ ਤੋਂ ਰਾਜਿਸਥਾਨ ਦੇ ਹਰੀਪੁਰ ਨੂੰ ਜਾਣ ਵਾਲੀ ਬੱਸ ਤਾਂ ‘ਭੁਕੀ ਵਾਲੀ ਬੱਸ’ ਦੇ ਨਾਂ ਨਾਲ ਮਸ਼ਹੂਰ ਹੈ। ਤੀਜਾ ਵਰਗ ਉਹ ਹੈ ਜਿਹੜਾ ਰਾਜਿਸਥਾਨ ਤੋਂ ਭੁੱਕੀ ਲਿਆਕੇ ਅਗਾਂਹ ਨਸ਼ੱਈਆਂ ਨੂੰ ਸਪਲਾਈ ਕਰਦਾ ਹੈ। ਇਸ ਵਰਗ ਦਾ ਅੰਦਾਜ਼ਨ ਸਾਰਾ ਟੱਬਰ ਹੀ ਭੁੱਕੀ ਦਾ ‘ਸੇਵਨ’ ਕਰਦਾ ਹੈ। ਅਜਿਹੇ ਸਮੱਗਲਰਾਂ ਨੇ ਪਿੰਡਾਂ ਅਤੇ ਸ਼ਹਿਰਾਂ ਵਿੱਚ ‘ਆਪਣੇ ਬੰਦੇ ‘ਛੱਡੇ ਹੋਏ ਹਨ। ਜਦੋ ਪਿੰਡ ਵਿੱਚ ਭੁੱਕੀ ਖਾਣ ਵਾਲਿਆ ਨੂੰ ਸਪਲਾਈ ਕਰਨੀ ਹੁੰਦੀ ਹੈ ਤਾਂ ਅਮਲੀਆਂ ਨੂੰ ਗੁਪਤ ਭਾਸ਼ਾ ‘ਜਹਾਜ਼ ਉਤਰਨਾ ਹੈ’ ਦਾ ਸੁਨੇਹਾ ਪੁੱਜ ਜਾਂਦਾ ਹੈ ਅਤੇ ਨਿਸਚਤ ਅਸਥਾਨ ਤੇ ਪੁੱਜ ਕੇ ਉਹ ‘ਜਾਹਜ਼ ਉਤਰਨ’ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ। ਕੁੱਝ ਸਮੇਂ ਅੰਦਰ ਹੀ ਪੈਕਟਾਂ ਵਿੱਚ ਤਿਆਰ ਕੀਤਾ ‘ਮਾਲ’ ਗਾਹਕਾਂ ਨੂੰ ਸਪੁਰਦ ਕਰਕੇ ਤੁਰਦੇ ਬਣਦੇ ਹਨ। ਇਸ ਸੌਦੇ ਵਿੱਚ ਉਧਾਰ ਨਹੀਂ ਚੱਲਦਾ। ਪੈਸਿਆਂ ਦੀ ਵਸੂਲੀ ਪਹਿਲਾਂ ਹੀ ਕਰ ਲਈ ਜਾਂਦੀ ਹੈ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਜੇਕਰ ਕਿਸੇ ਨਸ਼ੱਈ ਨੇ ਇੱਕ ਦਰਜ਼ਨ ਕੇਲੇ ਖਰੀਦਣੇ ਹੁੰਦੇ ਹਨ ਤਾਂ ਉਹ ਪਹਿਲਾਂ ਢੇਰ ਵਿੱਚੋ ਕੇਲਿਆਂ ਨੂੰ ਛਾਂਟਦਾ ਹੈ ਅਤੇ ਫਿਰ ਦੋ ਚਾਰ ਰੁਪਏ ਘੱਟ ਕਰਨ ਲਈ ਦੁਕਾਨਦਾਰ ਨਾਲ ਬਹਿਸ ਵੀ ਕਰਦਾ ਹੈ। ਪਰ ਭੁੱਕੀ ਵਾਲੇ ਸੌਦੇ ਵਿੱਚ ਪਰਖ਼ਣ ਜਾਂ ਰੇਟ ਘੱਟ ਕਰਨ ਦਾ ਮੌਕਾ ਹੀ ਨਹੀਂ ਮਿਲਦਾ। ਮੂੰਹ ਮੰਗੀ ਕੀਮਤ ਲੈਕੇ ਅਮਲੀਆ ਨੂੰ ਪੈਕਟ ਸੌਂਪ ਦਿਤਾ ਜਾਂਦਾ ਹੈ ਅਤੇ ਉਨ੍ਹਾਂ ਲਈ ਇਹ ਪੈਕਟ ‘ਕਾਰੂੰ ਦੇ ਖਜ਼ਾਨੇ’ ਤੋਂ ਘੱਟ ਨਹੀਂ ਹੁੰਦ। ਕਈ ਥਾਈਂ ਤਾਂ ਅਮਲੀ ਠੱਗੀ ਦਾ ਸ਼ਿਕਾਰ ਵੀ ਹੋਏ ਹਨ। ਉਨ੍ਹਾਂ ਨੁੰ ਬਾਅਦ ਵਿੱਚ ਪਤਾ ਲਗਦਾ ਹੈ ਕਿ ਸਮੱਗਲਰਾਂ ਨੇ ਜੋ ਭੁੱਕੀ ਦੇ ਪੈਕਟ ਦਿਤੇ ਹਨ ਉਹ ਤਾਂ ਪਸੂਆਂ ਦੇ ਅਫ਼ਰੇਵੇਂ ਲਈ ਚੂਰਨ ਹੈ। ਆਪਣੇ ਨਾਲ ਹੋਈ ‘ਜੱਗੋ ਤੇਰਵੀ ਦਾ ਦੁੱਖ ਵੀ ਉਹ ਆਪਸ ਵਿੱਚ ਹੀ ਸਾਂਝਾ ਕਰ ਲੈਂਦੇ ਹਨ।
ਬਿਨ੍ਹਾਂ ਸ਼ੱਕ ਪੰਜਾਬੀਆਂ ਨੇ ਕੁੱਝ ਸਮਾਂ ਪਹਿਲਾਂ ਆਪਣੇ ਸੂਬੇ ਤੋਂ ਬਾਹਰ ਰਾਜਿਸਥਾਨ ਵਿੱਚ ਟਿੱਬਿਆਂ ਦਾ ਪੱਧਰ ਉੱਚਾ ਕਰਨ, , ਯੂ.ਪੀ.ਦੇ ਜੰਗਲਾਂ ਨੂੰ ਕੱਟਕੇ ਜ਼ਮੀਨ ਆਬਾਦ ਕਰਨ, ਕਲਕੱਤੇ ਦੀ ਟਰਾਂਸਪੋਰਟ ਅਤੇ ਹੋਟਲਾਂ ਦੇ ਕਾਰੋਬਾਰ ਵਿੱਚ ਆਪਣੀ ਧਾਂਕ ਜਮਾਕੇ ਨਾਮਣਾ ਖੱਟਿਆ ਹੈ। ਆਪਣੇ ਸਿਰ ਨੂੰ ਗੱਡਾ ਅਤੇ ਪੈਰਾਂ ਨੂੰ ਟਾਇਰ ਬਣਾਕੇ ਹੱਡ ਭੰਨਵੀਂ ਮਿਹਨਤ ਕੀਤੀ ਹੈ। ਪਰ ਇਹ ਦੁਖਾਂਤਕ ਪਹਿਲੂ ਹੈ ਕਿ ਦੇਸ਼-ਵਿਦੇਸ਼ ਵਿੱਚ ਪੰਜਾਬ ਦੇ ਮੱਥੇ ਤੇ ਉਕਰੇ ‘ਨਸ਼ੱਈ ਪੰਜਾਬ’ ਦੇ ਧੱਬੇ ਨੇ ਪੰਜਾਬੀਆਂ ਨੂੰ ਕੱਖੋਂ ਹੌਲਾ ਕਰ ਦਿਤਾ ਹੈ। ਭੁੱਕੀ ਸਮੇਤ ਬਾਕੀ ਨਸ਼ਿਆ ਨੇ ਪੰਜਾਬ ਦੀ ਜਵਾਨੀ ਨਿੱਗਲ ਲਈ ਅਤੇ ਘਰਾਂ ਦੇ ਚੁੱਲ੍ਹੇ ਠੰਡੇ ਕਰ ਦਿਤੇ ਹਨ। ਬਹੁਤ ਸਾਰੇ ਘਰਾਂ ਦੀ ਬਰਕਤ ਨੂੰ ਸ਼ਰਾਪ ਲੱਗ ਗਿਆ ਹੈ ਅਤੇ ਮਹਿੰਦੀ ਦਾ ਰੰਗ ਵੀ ਫਿੱਕਾ ਪੈ ਗਿਆ ਹੈ। ਨਸ਼ਿਆ ਕਾਰਨ ਸਾਡੇ ‘ਗੋਦੜੀ ਦੇ ਲਾਲ’ ਦਮੜੀਆਂ ਦੇ ਮੁਥਾਜੀ ਹੋ ਗਏ ਹਨ। ਸਾਡੇ ਅੱਗੇ ਪਹਾੜ ਜਿੱਡਾ ਪ੍ਰਸ਼ਨ ਹੈ ਕਿ ਕੀ ਰਾਜਿਸ਼ਥਾਨ ਵਿੱਚ ਬੰਦ ਹੋਏ ਭੁੱਕੀ ਦੇ ਠੇਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਿੱਚ ਸਹਾਈ ਹੋਣਗੇ? ਰਾਜਿਸਥਾਨ ਸਰਕਾਰ ਨੇ ਆਪਣੇ ਸੂਬੇ ਵਿੱਚ ਨਸ਼ੱਈਆਂ ਨੂੰ ਭੁੱਕੀ ਅਤੇ ਹੋਰ ਨਸ਼ਿਆ ਤੋਂ ਨਿਜ਼ਾਤ ਦੁਆਉਣ ਲਈ ‘ਨਵਾਂ ਸਵੇਰਾ ‘ਨਾਂ ਦੀ ਸਕੀਮ ਚਾਲੂ ਕੀਤੀ ਹੈ ਜਿਸ ਰਾਹੀਂ ਨਸ਼ੇੜੀਆਂ ਨੂੰ ਨਸ਼ਾ ਮੁਕਤ ਕਰਨ ਲਈ ਹਸਪਤਾਲਾਂ ਵਿੱਚ ਇਲਾਜ਼ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਅੰਦਾਜ਼ਨ 22 ਹਜ਼ਾਰ ਭੁੱਕੀ ਖਾਣ ਵਾਲਿਆਂ ਨੁੰ ਪਰਮਿਟ ਵੀ ਜਾਰੀ ਕੀਤੇ ਗਏ ਹਨ ਜਿਸ ਅਧੀਨ ਉਨ੍ਹਾਂ ਨੂੰ ਸਰਕਾਰੀ ਹਸਪਤਾਲਾਂ ਵਿੱਚੋ ਭੁੱਕੀ ਮਿਲਦੀ ਰਹੇਗੀ। ਸਰਵੇਖਣ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਰਾਜਿਸਥਾਨ ਦੇ ਹਨੂੰਮਾਨਗੜ, ਗੰਗਾਨਗਰ ਅਤੇ ਚਿਤੌੜਗੜ ਦੇ ਇਲਾਕੇ ਵਿੱਚ ਹਾਲਾਂ ਵੀ ਨਜ਼ਾਇਜ਼ ਭੁੱਕੀ ਵਿਕ ਰਹੀ ਹੈ। ਨਾਰਕੋਟਿਕ ਕੰਟਰੌਲ ਬੋਰਡ ਦੀ ਰਿਪੋਰਟ ਅਨੁਸਾਰ ਚਿਤੌੜਗੜ੍ਹ ਇਲਾਕੇ ਦੇ 1147 ਕਿਰਸਾਨ ਗੈਰਕਾਨੂੰਨੀ ਭੁੱਕੀ ਦਾ ਧੰਦਾ ਕਰ ਰਹੇ ਹਨ ਅਤੇ ਪੈਦਾ ਕੀਤੀ ਭੁੱਕੀ ਦਾ ਜ਼ਿਆਦਾ ਹਿੱਸਾ ਪੰਜਾਬ ਵਿੱਚ ਹੀ ਆ ਰਿਹਾ ਹੈ। ਭਾਵੇਂ ਪੰਜਾਬੀ ਨਸ਼ੇੜੀਆਂ ਅਤੇ ਸਮੱਗਲਰਾਂ ਦਾ ਰਾਹ ਰੋਕਣ ਲਈ ਮੁਕਤਸਰ ਜ਼ਿਲ੍ਹੇ ਦੀ ਪੁਲੀਸ ਵਲੋਂ ਪਿੰਡ ਕੰਦੂਖੇੜਾ ਵਿਖੇ ਪੁਲੀਸ ਚੌਂਕੀ ਬਿਠਾਈ ਹੋਈ ਹੈ। ਪਰ ਰਾਜਿਸਥਾਨ ਤੋਂ ਨਸ਼ੇ ਲੈਕੇ ਦਾਖ਼ਲ ਹੋਣ ਲਈ ਫਾਜਿਲਕਾ-ਅਬੋਹਰ ਰਾਹੀਂ 25 ਵੱਖ ਵੱਖ ਲਾਘਿਆਂ ਦੀ ਵਰਤੋ ਕਰਦੇ ਹੋਏ ਸਮੱਗਲਰ ਹਰ ਤਰ੍ਹਾਂ ਦੇ ਹੱਥਕੰਡੇ ਵਰਤ ਕੇ ਪੰਜਾਬ ਵਿੱਚ ਦਾਖ਼ਲ ਹੋ ਹੀ ਜਾਂਦੇ ਹਨ।
ਪੰਜਾਬ ਵਿੱਚ ਜਦੋ ਵੀ ਪੀੜਤ ਸਮਾਜ ਅਤੇ ਮਾਪਿਆਂ ਨੇ ਨਸ਼ਿਆ ਦੀ ਸਪਲਾਈ ਲਾਈਨ ਪ੍ਰਤੀ ਵਿਦਰੋਹ ਵਿਖਾਇਆ ਹੈ ਤਾਂ ਰਾਜ ਸਤਾ ਭੋਗ ਰਹੇ ਆਗੂਆਂ ਨੇ ਪਾਕਿਸਤਾਨ ਤੋਂ ਨਸ਼ਿਆਂ ਦੀ ਸਪਲਾਈ ਲਈ ਸੀਮਾ ਸੁਰੱਖਿਆ ਬਲਾਂ ਦੇ ਨਾਲ ਨਾਲ ਰਾਜਿਸਥਾਨ ਸਰਕਾਰ ਨੂੰ ਭੁੱਕੀ ਸਪਲਾਈ ਲਈ ਜ਼ਿੰਮੇਵਾਰ ਠਹਿਰਾਕੇ ਪੱਲਾ ਝਾੜਣ ਦੀ ਅਸਫਲ ਕੋਸਿਸ ਕੀਤੀ ਹੈ। ਪਰ ਗੰਭੀਰ ਪ੍ਰਸ਼ਨ ਹੈ ਕਿ ਸੀਮਾ ਸੁਰੱਖਿਆ ਬਲਾਂ ਨੇ ਸੀਮਾਂ ਤੋ ਪਾਰ ਆਂਉਂਦੇ ਨਸ਼ਿਆ ਨੂੰ ਰੋਕਣਾ ਹੈ, ਪਰ ਜੇਕਰ ਨਸ਼ੇ ਸਰਹੱਦ ਤੋਂ ਜਾਂ ਰਾਜਿਸਥਾਨ ਤੋਂ ਪੰਜਾਬ ਵਿੱਚ ਦਾਖ਼ਲ ਹੁੰਦੇ ਹਨ ਤਾਂ ਆਏ ਨਸ਼ਿਆ ਦੀ ਸਮੁੱਚੇ ਪੰਜਾਬ ਵਿੱਚ ਵੰਡ ਨੂੰ ਰੋਕਣ ਦੀ ਜ਼ਿਮੇਵਾਰੀ ਤੋਂ ਸਰਕਾਰ ਅਤੇ ਪੰਜਾਬ ਪੁਲੀਸ ਭੱਜ ਨਹੀਂ ਸਕਦੀ। ਗੰਭੀਰ ਹੋਕੇ ਇਹ ਚਿੰਤਨ ਕਰਨ ਦੀ ਲੋੜ ਵੀ ਹੈ ਕਿ ਗੁਜਰਾਤ ਅਤੇ ਰਾਜਿਸਥਾਨ ਵੀ ਪਾਕਿਸਤਾਨ ਦੀ ਸਰਹੱਦ ਤੇ ਹਨ। ਉਥੇ ਨਸ਼ਿਆ ਕਾਰਨ ਪੰਜਾਬ ਜਿਹੀ ਮਹਾਂਮਾਰੀ ਕਿਉਂ ਨਹੀ?
ਇੱਥੇ ਵਰਨਣਯੋਗ ਹੈ ਕਿ ਮੱਧ ਪ੍ਰਦੇਸ਼, ਉਤੱਰਪ੍ਰਦੇਸ਼ ਪੱਛਮੀ ਬੰਗਾਲ ਦੇ ਨਾਲ ਨਾਲ ਦੇਸ਼ ਦੇ ਕੁੱਝ ਹੋਰ ਸੂਬਿਆਂ ਵਿੱਚ ਵੀ ਭੁੱਕੀ ਦੀ ਨਜਾਇਜ਼ ਖੇਤੀ ਹੁੰਦੀ ਹੈ। ਇੱਧਰੋਂ ਟਰੱਕਾ ਰਾਹੀਂ ਮਾਲ ਦੀ ਢੋਅ-ਢੁਆਈ ਲਈ ਗਏ ਟਰੱਕਾਂ ਰਾਹੀਂ ਵੀ ਭੁੱਕੀ ਪੰਜਾਬ ਵਿੱਚ ਦਾਖ਼ਲ ਹੁੰਦੀ ਹੈ। ਇਸ ਸਬੰਧੀ ਇੱਕ ਟਰੱਕ ਡਰਾਈਵਰ ਨੇ ਪ੍ਰਗਟਾਵਾ ਕੀਤਾ ਕਿ ਸਬੰਧਤ ਡਰਾਈਵਰ ਨਾਲ ਭੁੱਕੀ ਦਾ ਧੰਦਾ ਕਰਨ ਵਾਲਿਆਂ ਦਾ ਮੋਬਾਇਲ ਰਾਹੀਂ ਸਿੱਧਾ ਸੰਪਰਕ ਹੁੰਦਾ ਹੈ ਅਤੇ ਉਸਦੇ ਖਾਤੇ ਵਿੱਚ ਪੈਸੇ ਜ਼ਮਾ ਕਰਵਾ ਦਿੰਦੇ ਹਨ। ਡਰਾਈਵਰ ਵੱਲੋ ਇਸ ਗੱਲ ਦਾ ਵੀ ਪ੍ਰਗਟਾਵਾ ਕੀਤਾ ਗਿਆ ਕਿ ਟਰੱਕ ਰਾਤ ਨੂੰ ਸਫ਼ਰ ਤੇ ਚਲਦੇ ਹਨ। ਕਿਉਂ ਕਿ ਰਾਤ ਸਮੇਂ ਚੈਕਿੰਗ ਬਹੁਤ ਘੱਟ ਹੁੰਦੀ ਹੈ। ਜੇਕਰ ਕੋਈ ਅਜਿਹੀ ਨੌਬਤ ਆ ਵੀ ਜਾਂਦੀ ਹੈ ਤਾਂ ‘ਮੁੱਠੀ ਗਰਮ ‘ਕਰਨ’ ਦੇ ਫਾਰਮੂਲੇ ਨਾਲ ਛੇਤੀ ਹੀ ਖਹਿੜਾ ਛੁੱਟ ਜਾਂਦਾ ਹੈ।
ਸਮਾਜ ਸੇਵਕ, ਚਿੰਤਕ ਅਤੇ ਲੇਖਕ ਜੋਗਿੰਦਰ ਸਿੰਘ ਉਬਰਾਏ ਨੇ ਪ੍ਰਗਟਾਵਾ ਕੀਤਾ ਹੈ ਕਿ ਮਹਾਂਰਾਸ਼ਟਰ ਦੇ ਇੱਕ ਪ੍ਰਸਿਧ ਧਾਰਮਿਕ ਅਸਥਾਨ ਦੇ ਨੇੜੇ ਹੀ ਇੱਕ ਦੁਕਾਨ ਹੈ ਜਿਸ ਉੱਪਰ ਮੋਟੇ ਅੱਖ਼ਰਾਂ ਵਿੱਚ ‘ਡੋਡਿਆਂ ਦੀ ਦੁਕਾਨ’ ਲਿਖਿਆ ਹੋਇਆ ਹੈ। ਧਾਰਮਿਕ ਯਾਤਰਾ ਤੇ ਗਏ ਪੰਜਾਬੀਆਂ ਦੀ ਉਸ ਦੁਕਾਨ ਅੱਗੇ ਹਮੇਸ਼ਾ ਹੀ ੜੀੜ ਲੱਗੀ ਰਹਿੰਦੀ ਹੈ। ਉਥੇ ਇੱਕ ਸਮੇਂ ਇੱਕ ਗਾਹਕ ਨੂੰ ਦੋ ਕਿੱਲੋ ਭੁੱਕੀ ਮੁੱਲ ਦਿਤੀ ਜਾਂਦੀ ਹੈ। ਪੀਣ ਲਈ ਭੁੱਕੀ ਵਾਲਾ ਗਿਲਾਸ ਵੀਹ ਰੁਪਏ ਵਿੱਚ ਮਿਲਦਾ ਹੈ। ਸ੍ਰੀ ਉਬਰਾਏ ਨੇ ਪ੍ਰਗਟਾਵਾ ਕੀਤਾ ਕਿ ਉਸ ਭੀੜ ਦੇ ਲਾਗੇ ਖੜਾ ਇੱਕ ਪੰਜਾਬੀ ਬਜ਼ੁਰਗ ਚਿੰਤਾ ਵਿੱਚ ਕਹਿ ਰਿਹਾ ਸੀ, “ਇਹ ਮੱਥਾ ਟੇਕਣ ਆਉਂਦੇ ਨੇ ਜਾਂ ਭੁੱਕੀ ਲੈਣ। ਸ਼ਰਮ ਆਉਣੀ ਚਾਹੀਦੀ ਐ ਇਨ੍ਹਾਂ ਨੂੰ।” ਅਜਿਹੀ ਭੁੱਕੀ ਵੀ ਨਸ਼ੇੜੀਆਂ ਦੀ ਗਿਣਤੀ ਵਿੱਚ ਵਾਧਾ ਕਰ ਰਹੀ ਹੈ। ਆਬਾਦੀ ਵਿੱਚ ਪ੍ਰਤੀ ਸਾਲ 1.3% ਵਾਧਾ ਹੋ ਰਿਹਾ ਹੈ, ਪਰ ਅਜਿਹੇ ਮਾਰੂ ਰੁਝਾਨ ਕਾਰਨ ਨਸ਼ੇੜੀਆਂ ਦੀ ਗਿਣਤੀ ਵਿੱਚ ਪ੍ਰਤੀ ਸਾਲ 18-20% ਵਾਧਾ ਹੋਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਹ ਸਮਾਂ ਚਿੰਤਾ, ਚਿੰਤਨ ਅਤੇ ਚੇਤਨਾ ਦਾ ਹੈ। ਜੇ ਚੰਡੀਗੜ੍ਹ ਦੀ ‘ਅਰਾਈਵ ਸੇਫ’ ਸੰਸਥਾ ਦਾ ਮੁਖੀ ਹਰਮਨ ਸਿੱਧੂ ਰਾਜਿਸਥਾਨ ਦੀ ਹਾਈ ਕੋਰਟ ਵਿੱਚ ਜਾਕੇ ਰਾਜਿਸਥਾਨ ਵਿੱਚ ਭੁੱਕੀ ਦੇ ਠੇਕੇ ਬੰਦ ਕਰਵਾ ਸਕਦਾ ਹੈ, ਕੌਮੀ ਅਤੇ ਰਾਜ ਮਾਰਗ ਤੇ ਖੁੱਲ੍ਹੇ ਸ਼ਰਾਬ ਦੇ ਠੇਕਿਆਂ ਦਾ ਰੁੱਖ ਵੀ ਦੂਜੀ ਦਿਸ਼ਾ ਵੱਲ ਮੋੜ ਸਕਦਾ ਹੈ, ਫਿਰ ਅਸੀਂ ਪੰਜਾਬੀ ਅਵੇਸਲੇ ਕਿਉਂ?
ਰਾਜਿਸਥਾਨ ਵਲੋਂ ਭੁੱਕੀ ਦੀ ਸਪਲਾਈ ਵਿੱਚ ਕੁੱਝ ਹੱਦ ਤੱਕ ਠੱਲ ਪੈ ਸਕਦੀ ਹੈ, ਪਰ ਦੂਜੀਆਂ ਸਟੇਟਾਂ ਵਿੱਚੋ ਆ ਰਹੀ ਭੁੱਕੀ, ਕੈਮੀਕਲ ਨਸ਼ੇ ਅਤੇ ਸ਼ਰਾਬ ਨੇ ਪੰਜਾਬੀਆਂ ਨੂੰ ਕੱਖੋਂ ਹੌਲੇ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਚਾਲੂ ਵਰ੍ਹੇ ਵਿੱਚ 27.50 ਕਰੋੜ ਦੇਸੀ ਸ਼ਰਾਬ ਦੀਆਂ ਬੋਤਲਾਂ, 8.50 ਕਰੋੜ ਅੰਗ੍ਰੇਜੀ ਸ਼ਰਾਬ ਦੀਆਂ ਬੋਤਲਾਂ ਅਤੇ 5 ਕਰੋੜ ਬੀਅਰ ਦੀਆਂ ਬੋਤਲਾਂ ਪਿਲਾਕੇ ਪੰਜਾਬੀਆਂ ਨੂੰ ਕਮਲਾ-ਬੌਲਾ ਕਰਨ ਦੇ ਨਾਲ ਨਾਲ ਆਰਥਿਕ ਪੱਖ ਤੋਂ ਵੀ ਖੁੰਘਲ ਕੀਤਾ ਜਾ ਰਿਹਾ ਹੈ। ਐਨੀ ਭਾਰੀ ਗਿਣਤੀ ਵਿੱਚ ਇਨ੍ਹਾਂ ਸ਼ਰਾਬ ਦੀਆਂ ਬੋਤਲਾਂ ਨਾਲ 12000/- ਲੀਟਰ ਦੀ ਸਮਰੱਥਾ ਵਾਲੇ 15291 ਟੈਕਰ ਭਰ ਜਾਣਗੇ। ਜੇ ਇੱਕ ਟੈਂਕਰ ਅੰਦਾਜ਼ਨ ਤੀਹ ਫੁੱਟ ਜਗ੍ਹਾ ਘੇਰੇ ਤਾਂ ਅੰਦਾਜ਼ਨ 152 ਕਿਲੋਮੀਟਰ ਲੰਬੀ ਟੈਂਕਰਾਂ ਦੀ ਲਾਈਨ ਲੱਗ ਜਾਵੇਗੀ। ਘਰ ਦੀ ਕੱਢੀ ਅਤੇ ਦੂਜੇ ਸੂਬਿਆਂ ਤੋਂ ਆਈ ਸ਼ਰਾਬ ਇਸ ਤੋਂ ਵੱਖਰੀ ਹੈ। ਬਿਨ੍ਹਾਂ ਸ਼ੱਕ ਇਸ ਵੇਲੇ ਫਸਲਾਂ ਨੂੰ ਹੀ ਨਹੀਂ, ਨਸ਼ਲਾਂ ਨੂੰ ਵੀ ਗੰਭੀਰ ਖ਼ਤਰਾ ਹੈ। ਇਨ੍ਹਾਂ ਨਸ਼ਿਆਂ ਦੇ ਪ੍ਰਕੋਪ ਕਾਰਨ ਹੀ ਸਮਾਜ ਵਿੱਚ ਲਗਾਤਾਰ ਅਸੰਤੋਸ਼, ਬੇਗਾਨਗੀ ਅਤੇ ਨਿਰਾਸਤਾ ਦੀ ਭਾਵਨਾ ਵੱਧ ਰਹੀ ਹੈ। ਪੈਸਾ ਇੱਕਠਾ ਕਰਨ ਦੇ ਲਾਲਚ ਨੇ ਚੋਰਾਂ, ਭ੍ਰਿਸ਼ਟਾਚਾਰੀਆਂ, ਸਮੱਗਲਰਾਂ, ਗੁੰਡਿਆਂ, ਮੁਜ਼ਰਮਾਂ, ਲੀਡਰਾਂ ਅਤੇ ਬਹੁਤ ਸਾਰੇ ਕੁਰੱਪਟ ਅਫਸਰਾਂ ਨੂੰ ਇੱਕ ਪਲੇਟਫਾਰਮ ਤੇ ਇੱਕਠਾ ਕਰ ਦਿਤਾ ਹੈ। ਨਸ਼ਿਆਂ ਦੀ ਮਹਾਂਮਾਰੀ ਤੋਂ ਬਚਣ ਲਈ ਸਿਆਸੀ ਦ੍ਰਿੜ ਇੱਛਾ ਸ਼ਕਤੀ, ਊਸਾਰੂ ਪਰਸਾਸ਼ਨਿਕ ਸਰਗਰਮੀ, ਸਮਾਜਿਕ ਮਾਹੌਲ ਅਤੇ ਲੋਕਾਂ ਦੀ ਸਰਗਰਮ ਭੂਮਿਕਾ ਦਾ ਹੋਣਾ ਅਤਿਅੰਤ ਜਰੂਰੀ ਹੈ। ਜੇਕਰ ਅਜਿਹਾ ਸੰਭਵ ਨਾ ਹੋਇਆ ਤਾਂ ਹੋਣੀ ਸਾਡੇ ਭਵਿੱਖ਼ ਤੇ ਕੀਰਨੇ ਪਾਵੇਗੀ ਅਤੇ ਅਸ਼ੀਂ ਬੁਜ਼ਦਿਲਾਂ ਦੀ ਕਤਾਰ ਵਿੱਚ ਸ਼ਾਮਲ ਹੋਵਾਂਗੇ।
No comments:
Post a Comment